ਪੰਜਾਬੀ ਅਣਡਿੱਠਾ ਪੈਰਾ : ਆਓ ਗਿਆਨ ਵਧਾਈਏ
ਪੰਜਾਬੀ ਅਣਡਿੱਠਾ ਪੈਰਾ ( 12 NOV COUNTDOWN )
1. ਹੇਠਾਂ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰਾਂ ਦੀ ਚੋਣ ਕਰੋ :
ਜਦੋਂ ਮਨੁੱਖ ਨੇ ਧਰਤੀ ਥੱਲੇ ਪਾਣੀ ਲੱਭ ਲਿਆ ਹੈ ਤਾਂ ਹੀ ਉਹ ਦਰਿਆਵਾਂ ਦੇ ਕਿਨਾਰਿਆਂ ਤੋਂ ਪਰ੍ਹੇ ਪਿੰਡ ਵਸਾਉਣ ਦੇ ਯੋਗ ਹੋਇਆ। ਜਦੋਂ ਉਸਨੇ ਅੱਗ ਬਾਲਣੀ ਸਿੱਖ ਲਈ ਤਾਂ ਹੀ ਉਸਨੇ ਰਿੰਨ੍ਹਣਾ-ਪਕਾਉਣਾ ਆਰੰਭ ਕੀਤਾ ਅਤੇ ਅਨਾਜ ਵੀ ਉਸਦੇ ਆਹਾਰ ਦਾ ਭਾਗ ਬਣਿਆ। ਜਦੋਂ ਉਸਨੇ ਪਾਣੀ ਦੇ ਨਵੇਂ ਸਰੋਤ ਲੱਭ ਲਏ ਤਾਂ ਉਸਨੇ ਟਿਕਾਉ ਜੀਵਨ ਜਿਉਣਾ ਆਰੰਭ ਕਰ ਦਿੱਤਾ। ਜਦੋਂ ਉਸਨੇ ਜਾਨਵਰਾਂ ਦਾ ਸੁਭਾਅ ਸਮਝ ਲਿਆ ਤਾਂ ਉਨ੍ਹਾਂ ਦਾ ਸ਼ਿਕਾਰ ਕਰਨ ਦੇ ਨਾਲ਼-ਨਾਲ਼ ਮਨੁੱਖ ਨੇ ਜਾਨਵਰ ਸ਼ਕਤੀ ਨੂੰ ਆਪਣੇ ਹਿੱਤ ਲਈ ਵਰਤਣਾ ਸ਼ੁਰੂ ਕਰ ਦਿੱਤਾ। ਪੈਦਲ ਚੱਲਣ ਦੀ ਬਜਾਏ ਉਸਨੇ ਘੋੜੇ ਆਦਿ ਦੀ ਸਵਾਰੀ ਕਰਨੀ ਆਰੰਭ ਕਰ ਦਿੱਤੀ ਅਤੇ ਇੱਕ ਥਾਂ ਤੋਂ ਦੂਜੀ ਥਾਂ ਜਾਣ ਦੀ ਰਫ਼ਤਾਰ ਵਿੱਚ ਵਾਧਾ ਕੀਤਾ। ਖੇਤੀਬਾੜੀ ਦੇ ਧੰਦੇ ਵਿੱਚ ਆਪਣਾ ਵਾਰਸ ਪੈਦਾ ਕਰਨ ਦੀ ਇੱਛਾ ਨਾਲ਼ ਉਸਨੇ ਵਿਆਹ ਨਾ ਦੀ ਸੰਸਥਾ ਉਸਾਰੀ ਅਤੇ ਰਿਸ਼ਤਾ-ਨਾਤਾ ਪ੍ਰਬੰਧ ਹੋਂਦ ਵਿੱਚ ਆਇਆ। ਇੱਕ ਥਾਂ ਟਿਕ ਜਾਣ ਕਾਰਨ ਰਸਮ-ਰਿਵਾਜ, ਦੇਵੀ-ਦੇਵਤੇ ਅਤੇ ਮੇਲੇ-ਤਿਉਹਾਰ, ਸ਼ਗਨ-ਅਪਸ਼ਗਨ, ਸਾੜਾ-ਈਰਖਾ, ਮੇਲ-ਮਿਲਵਰਤਨ ਆਦਿ ਹੋਂਦ ਵਿੱਚ ਆਏ, ਇਵੇਂ ਖੇਤੀਬਾੜੀ ਮਨੁੱਖੀ ਸੱਭਿਅਤਾ ਦੀ ਮਾਂ ਹੋ ਨਿਬੜੀ। ਖੇਤੀਬਾੜੀ ਦੇ ਵਿਕਾਸ ਨਾਲ਼ ਹੀ ਪਿੰਡ ਦਾ ਨਿਰਮਾਣ ਹੋਇਆ। ਪਿੰਡ ਦਾ ਨਿਰਮਾਣ ਉਦੋਂ ਹੀ ਸੰਭਵ ਹੋਇਆ ਜਦੋਂ ਖੇਤੀਬਾੜੀ ਨੇ ਜੀਵਨ ਨੂੰ ਸਥਿਰ ਕਰ ਦਿੱਤਾ ਅਤੇ ਨਿਰੰਤਰ ਅੰਤਰ-ਕਾਰਜਾਂ ਦੀ ਸੰਭਾਵਨਾ ਉਜਾਗਰ ਕਰ ਦਿੱਤੀ। ਖੇਤੀ ਦਾ ਧੰਦਾ ਵੀ ਉਦੋਂ ਹੀ ਅਰਥਪੂਰਨ ਬਣਿਆ ਜਦੋਂ ਮੁਨੱਖਾਂ ਦੀ ਗਿਣਤੀ ਵਧ ਗਈ ਅਤੇ ਇਹ ਟਿਕ ਕੇ ਬੈਠਦੇ ਗਏ ਅਤੇ ਖੇਤੀ ਦੇ ਕੰਮਾਂ ਵਿੱਚ ਇੱਕ-ਦੂਜੇ ਦਾ ਸਹਿਯੋਗ ਕਰਨ ਲੱਗੇ।
i ਖੇਤੀ ਦਾ ਧੰਦਾ ਅਰਥਪੂਰਨ ਕਦੋਂ ਬਣਿਆ? *
ੳ. ਜਦੋਂ ਪਿੰਡਾਂ ਦਾ ਨਿਰਮਾਣ ਹੋਇਆ
ਅ. ਜਦੋਂ ਰਸਮ ਰਿਵਾਜ ਬਣੇ
ੲ. ਜਦੋਂ ਖੇਤੀ ਕੰਮਾਂ ਵਿੱਚ ਸਹਿਯੋਗ ਵਧਿਆ
ਸ. ਜਦੋਂ ਰਫ਼ਤਾਰ ਵਿੱਚ ਵਾਧਾ ਹੋਇਆ
ii. ਮਨੁੱਖੀ ਸੱਭਿਅਤਾ ਦੀ ਮਾਂ ਕੌਣ ਹੋ ਨਿੱਬੜਿਆ? *
ੳ. ਮੇਲੇ ਤਿਓਹਾਰ
ਅ. ਖੇਤੀਬਾੜੀ
ੲ. ਘੋੜੇ ਦੀ ਸਵਾਰੀ ਦਾ ਆਰੰਭ
ਸ. ਸ਼ਗਨ-ਅਪਸ਼ਗਨ
iii. ਟਿਕਾਊ ਜੀਵਨ ਦਾ ਆਰੰਭ ਮਨੁੱਖ ਲਈ ਕਦੋਂ ਸੰਭਵ ਹੋਇਆ? *
ੳ. ਜਦੋਂ ਅਨਾਜ-ਅਹਾਰ ਦਾ ਭਾਗ ਬਣਿਆ
ਅ. ਜਦੋਂ ਅੱਗ ਬਾਲਣੀ ਸਿੱਖੀ
ੲ. ਜਦੋਂ ਪਾਣੀ ਦੇ ਨਵੇਂ ਸਰੋਤ ਲੱਭੇ
ਸ. ਉਪਰੋਕਤ ਸਾਰੇ
iv. ਜਾਨਵਰ ਦੀ ਤਾਕਤ ਨੂੰ ਮਨੁੱਖ ਨੇ ਆਪਣੇ ਫਾਇਦੇ ਲਈ ਕਦੋਂ ਵਰਤਣਾ ਸ਼ੁਰੂ ਕੀਤਾ? *
ੳ. ਜਾਨਵਰ ਦੇ ਸੁਭਾਅ ਨੂੰ ਸਮਝਣ ਕੇ
ਅ. ਘੋੜੇ ਦੀ ਸਵਾਰੀ ਕਰਨ ਨਾਲ਼
ੲ. ਰਫ਼ਤਾਰ ਵਿੱਚ ਵਾਧਾ ਕਰਕੇ
ਸ. ਉਪਰੋਕਤ ਵਿਚੋਂ ਕੋਈ ਨਹੀਂ
v. ਰਿਸ਼ਤਾ ਨਾਤਾ ਪ੍ਰਬੰਧ ਹੋਂਦ ਵਿੱਚ ਕਿਵੇਂ ਆਇਆ? *
ੳ. ਵਾਰਸ ਪੈਦਾ ਕਰਨ ਦੀ ਇੱਛਾ ਕਰਕੇ
ਅ. ਵਿਆਹ ਸੰਸਥਾ ਦੀ ਉਸਾਰੀ ਕਰਕੇ
ੲ. ‘ੳ’ ਅਤੇ ‘ਅ’ ਦੋਵੇਂ
ਸ. ਉਪਰੋਕਤ ਵਿਚੋਂ ਕੋਈ ਨਹੀਂ
2.ਹੇਠਾਂ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰਾਂ ਦੀ ਚੋਣ ਕਰੋ :
ਰੀਨਾ ਅਤੇ ਮੀਨਾ ਦੋਵੇਂ ਭੈਣਾਂ ਅਜ ਪਹਿਲੀ ਵਾਰ ਸਮਾਂ ਕੱਢ ਕੇ ਸੱਤ ਕੁ ਵਜੇ ਕੰਪਨੀ ਬਾਗ ਵਿੱਚ ਸੈਰ ਕਰਨ ਆਈਆਂ। ਬਾਗ਼ ਵਿੱਚ ਬੱਚੇ, ਪੀਂਘ ਝੂਟਣ ਵਿੱਚ ਮਸਤ ਸਨ। ਬੁੱਢੇ ਲੋਕ ਫੁੱਟਪਾਥ ਤੇ ਸੈਰ ਕਰਦੇ-ਕਰਦੇ ਘਰ-ਬਾਰ ਦੀਆਂ ਗੱਲਾਂ ਸਾਂਝੀਆਂ ਕਰ ਰਹੇ ਸਨ। ਜਵਾਨ ਮੁੰਡੇ ਇਕ ਪਾਸੇ ਕਸਰਤ ਕਰ ਰਹੇ ਸਨ।ਬਾਗ਼ ਵਿੱਚ ਖਿੜੇ ਹੋਏ ,ਰੰਗ ਬਿਰੰਗੇ ਫੁੱਲਾਂ ਦੀ ਸੁੰਦਰਤਾ ਮਨ ਨੂੰ ਮੋਹ ਰਹੀ ਸੀ। ਅਜ ਮੋਸਮ ਵੀ ਬੜਾ ਸੁਹਾਵਣਾ ਸੀ।ਗਰਮੀ ਬਿਲਕੁਲ ਵੀ ਨਹੀਂ ਲੱਗ ਰਹੀ ਸੀ। ਗੁਲਾਬ ਦੇ ਫੁੱਲ ਦੀ ਟਹਿਣੀ ਨਾਲ ਕੁਝ ਕੰਢੇ ਲੱਗੇ ਹੋਏ ਸਨ ,ਜਦੋਂ ਮੀਨਾ ਫੁੱਲ ਤੋੜਣ ਲਗੀ ,ਉਸਦੇ ਹੱਥ ਵਿੱਚ ਕੰਢਾ ਚੁੱਭ ਗਿਆ।ਰੀਨਾ ਨੇ ਮੀਨਾ ਨੂੰ ਸਮਝਾਇਆ ਕਿ ਫੁੱਲ ਟਹਿਣੀ ਨਾਲ ਲੱਗੇ ਹੀ ਸੋਹਣੇ ਲਗਦੇ ਹਨ। ਬਾਗ਼ ਵਿੱਚ ਲੋਕ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਕੋਲ ਖੜੇ ਹੋਕੇ ਫੋਟੋ ਵੀ ਖਿੱਚ ਰਹੇ ਸਨ। ਕੁੱਝ ਮਰਦ ਅਤੇ ਔਰਤਾਂ ਸੈਰ ਕਰਨ ਤੋਂ ਬਾਅਦ ਵੇਰਕਾ ਕਾਰਨਰ ਤੋਂ ਜੂਸ ਪੀ ਰਹੇ ਸਨ। ਸਾਨੂੰ ਦੋਨਾਂ ਭੈਣਾਂ ਨੂੰ ਅਜ ਬਾਗ ਵਿੱਚ ਆ ਕੇ ਸਮੇਂ ਦਾ ਪਤਾ ਹੀ ਨਹੀਂ ਚਲਿਆ ਕਦੋਂ ਸਾਢੇ ਅੱਠ ਵਜ ਗਏ ।
ਪ੍ਰਸ਼ਨ 1.ਰੀਨਾਂ ਅਤੇ ਮੀਨਾ ਦੋਵੇਂ ਭੈਣਾਂ ਕਿੰਨੇ ਕੁ ਵਜੇ ਕੰਪਨੀ ਬਾਗ ਵਿੱਚ ਪਹੁੰਚੀਆਂ?
ਉ )ਅਜ ਪਹਿਲੀ ਵਾਰ
ਅ) ਸੱਤ ਕੁ ਵਜੇ
ੲ ) ) ਸਾਢੇ ਅੱਠ ਵਜੇ
ਸ ) ੳ ਅਤੇ ਅ
ਪ੍ਸ਼ਨ 2.ਕੰਪਨੀ ਬਾਗ ਵਿੱਚ ਕੋਣ-ਕੋਣ ਅੱਜ ਪਹਿਲੀ ਵਾਰ ਆਇਆ?
ਉ) ਰੀਨਾ ਅਤੇ ਮੀਨਾ
ਅ ) ਬੱਚੇ
ੲ ) ਔਰਤਾਂ
ਸ ) ਕੋਈ ਨਹੀਂ ਆਇਆ
ਪ੍ਸ਼ਨ 3. ਬਾਗ ਵਿੱਚ ਬੱਚੇ ਕੀ ਕਰ ਰਹੇ ਸਨ?
ਉ) ਸੈਰ ਕਰਦੇ ਸਨ
ਅ ) ਜੂਸ ਪੀਂਦੇ ਸਨ
ੲ ) ਪੀਂਘ ਝੂਟਣ ਵਿੱਚ ਮਸਤ ਸਨ
ਸ ) ਫੁੱਲ ਤੋੜਦੇ ਸਨ
ਪ੍ਰਸ਼ਨ 4. ਗੁਲਾਬ ਦੇ ਫੁੱਲ ਨੂੰ ਤੋੜਣ ਲਈ ਆਪਣਾ ਹੱਥ ਕਿਸਨੇ ਅੱਗੇ ਵਧਾਇਆ?
ੳ) ਜਵਾਨ ਨੇ
ਅ) ਮੀਨਾ ਨੇ
ੲ) ਰੀਨਾ ਨੇ
ਸ) ਬੱਚੇ ਨੇ
ਪ੍ਰਸ਼ਨ 5. ਲੋਕ ਕਿੱਥੇ ਖੜੇ ਹੋ ਕੇ ਫੋਟੋ ਖਿਚਵਾ ਰਹੇ ਸਨ?
ੳ) ਪੀਂਘ ਨੇੜੇ
ਅ) ਬਾਗ ਵਿੱਚ
ੲ) ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੇੜੇ
ਸ) ਫੁੱਟਪਾਥ ਤੇ
3. ਹੇਠਾਂ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰਾਂ ਦੀ ਚੋਣ ਕਰੋ : (27/8/21)
ਪੰਜਾਬੀ ਰਸਮ-ਰਿਵਾਜਾਂ ਦੀ ਮੂਲ ਪ੍ਰਵਿਰਤੀ ਧਾਰਮਿਕ ਹੈ। ਸਾਡੇ ਲੋਕ ਆਪਣੀ ਭੌਤਿਕ ਜ਼ਿੰਦਗੀ ਨਾਲ਼ ਸੰਬੰਧਿਤ ਵੱਖ-ਵੱਖ ਕੰਮ ਧੰਦਿਆਂ ਵਿੱਚ ਸਫ਼ਲਤਾ ਲਈ ਦੈਵੀ ਸ਼ਕਤੀਆਂ ਦੀ ਪੂਜਾ-ਅਰਾਧਨਾ ਕਰਦੇ ਹਨ। ਪ੍ਰਸਿੱਧ ਗੱਦਕਾਰ ਸ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਆਪਣੇ ‘ਦਾਦੀ ਜੀ’ ਦੇ ਰੇਖਾ-ਚਿੱਤਰ ਵਿੱਚ ਉਸਦੀ ਸ਼ਖ਼ਸੀਅਤ ਦੇ ਵੇਰਵੇ ਪੇਸ਼ ਕਰਦਾ ਹੋਇਆ ਲਿਖਦਾ ਹੈ, “ਇਹ (ਮੇਰੇ ਦਾਦੀ ਜੀ) ਜਾਗਦੇ ਹਨ, ਇਹ ਸੌਂਦੇ ਹਨ, ਇਹ ਖਾਂਦੇ ਹਨ, ਇਹ ਵਰਤ ਰੱਖਦੇ ਹਨ- ਸਭ ਨੂੰ ਧਰਮ ਸਮਝ ਕੇ। ਅਰਾਮ ਕਰਦੇ ਹਨ, ਧਰਮ ਸਮਝ ਕੇ। ਇਨ੍ਹਾਂ ਲਈ ਧਰਮ ਕੋਈ ਸਿਧਾਂਤ ਨਹੀਂ, ਕੋਈ ਅਕੀਦਾ ਨਹੀਂ, ਸਮੁੱਚਾ ਜੀਵਨ ਹੈ।” ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੁਆਰਾ ਪੇਸ਼ ਇਹਨਾਂ ਵੇਰਵਿਆਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਰਸਮ-ਰਿਵਾਜ ਸਾਡੇ ਦੈਨਿਕ ਕਾਰ-ਵਿਹਾਰ ਵਿੱਚ ਸਾਨੂੰ ਪ੍ਰੇਰਣਾ ਦਿੰਦੇ ਹਨ ਅਤੇ ਮਨੁੱਖ ਦੀ ਸ਼ਾਨਦਾਰ ਹੋਣੀ ਵਿੱਚ ਸਾਡਾ ਵਿਸ਼ਵਾਸ ਪੱਕਾ ਕਰਦੇ ਹਨ। ਇਹਨਾਂ ਰਸਮ-ਰਿਵਾਜਾਂ ਦੇ ਵਿਸ਼ਲੇਸ਼ਣ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਪੁਰਾਤਨ ਮਨੁੱਖ ਪ੍ਰਕਿਰਤੀ ਦੀਆਂ ਵੱਖ-ਵੱਖ ਸ਼ਕਤੀਆਂ ਸਾਹਵੇਂ ਨਿਰਬਲ ਤੇ ਅਸੁਰੱਖਿਅਤ ਸੀ। ਵਿਗਿਆਨ ਤੇ ਤਕਨਾਲੋਜੀ ਨੇ ਅਜੇ ਏਨਾ ਵਿਕਾਸ ਨਹੀਂ ਸੀ ਕੀਤਾ ਕਿ ਮਨੁੱਖ ਨਾਲ਼ ਪ੍ਰਕਿਰਤੀ ਦੀਆਂ ਸ਼ਕਤੀਆਂ ਨੂੰ ਆਪਣੇ ਸ਼ਾਨਦਾਰ ਭਵਿੱਖ ਦੇ ਨਿਰਮਾਣ ਲਈ ਵਰਤ ਸਕੇ। ਇਸੇ ਲਈ ਉਸ ਨੇ ਆਪਣੇ ਜੀਵਨ-ਸੰਘਰਸ਼ ਨੂੰ ਵਧੇਰੇ ਪ੍ਰਭਾਵੀ ਬਣਾਉਣ ਵਾਸਤੇ ਕੁਝ ਰਸਮ-ਰਿਵਾਜ ਸਿਰਜ ਲਏ ਸਨ। ਇਹ ਰਸਮ-ਰਿਵਾਜ ਮਨੁੱਖੀ ਜੀਵਨ ਦੀਆਂ ਮੁਸ਼ਕਲ ਘੜੀਆਂ ਵਿੱਚ ਉਸਨੂੰ ਰਾਹਤ ਅਤੇ ਸਾਹਸ ਪ੍ਰਦਾਨ ਕਰਦੇ ਰਹੇ ਹਨ।
1. ਦਾਦੀ ਜੀ ਅਨੁਸਾਰ ਧਰਮ ਕੀ ਹੈ? *
ੳ. ਸਿਧਾਂਤ
ਅ. ਅਕੀਦਾ
ੲ. ਸਮੁੱਚਾ ਜੀਵਨ
ਸ. ਵਰਤ ਰੱਖਣਾ
2. ਪੁਰਾਤਨ ਮਨੁੱਖ ਕੁਦਰਤੀ ਸ਼ਕਤੀਆਂ ਸਾਹਵੇਂ ਕਿਹੋ ਜਿਹਾ ਸੀ? *
ੳ. ਰਾਹਤ ਭਰਪੂਰ
ਅ. ਨਿਰਬਲ
ੲ. ਸਾਹਸ ਭਰਪੂਰ
ਸ. ਪ੍ਰੇਰਣਾ ਭਰਪੂਰ
3. ਪੁਰਾਤਨ ਮਨੁੱਖ ਕੁਦਰਤੀ ਸ਼ਕਤੀਆਂ ਨੂੰ ਚੰਗੇ ਭਵਿੱਖ ਲਈ ਕਿਉਂ ਨਹੀਂ ਵਰਤ ਸਕਿਆ ਸੀ? *
ੳ. ਨਿਰਬਲ ਹੋਣ ਕਾਰਨ
ਅ. ਅਸੁਰੱਖਿਅਤ ਹੋਣ ਕਾਰਨ
ੲ. ਤਕਨਾਲੋਜੀ ਦੀ ਕਮੀ ਕਾਰਨ
ਸ. ਉਪਰੋਕਤ ਸਾਰੇ
4. ਰਸਮ-ਰਿਵਾਜ ਦੀ ਪ੍ਰਵਿਰਤੀ ਕਿਹੋ ਜਿਹੀ ਹੈ? *
ੳ. ਰੇਖਾ-ਚਿੱਤਰਾਂ ਵਰਗੀ
ਅ. ਪੁਰਾਤਨ
ੲ. ਸ਼ਾਨਦਾਰ
ਸ. ਧਾਰਮਿਕ
5. ਮਨੁੱਖ ਨੇ ਆਪਣੇ ਲਈ ਰਸਮ-ਰਿਵਾਜ ਕਿਉਂ ਸਿਰਜ ਲਏ? *
ੳ. ਵਿਗਿਆਨ ਦੇ ਵਿਕਾਸ ਲਈ
ਅ. ਸ਼ਾਨਦਾਰ ਹੋਣੀ ਲਈ
ੲ. ਰਸਮ-ਰਿਵਾਜਾਂ ਦੇ ਵਿਸ਼ਲੇਸ਼ਣ ਲਈ
ਸ. ਸੰਘਰਸ਼ ਨੂੰ ਵਧੇਰੇ ਪ੍ਰਭਾਵੀ ਬਣਾਉਣ ਲਈ
4. ਹੇਠਾਂ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰਾਂ ਦੀ ਚੋਣ ਕਰੋ :(29/8/21)
ਖ਼ੁਸ਼ਹਾਲੀ ਦੋਸਤ ਬਣਾਉਂਦੀ ਹੈ। ਮੰਦਹਾਲੀ ਦੋਸਤੀ ਨੂੰ ਪਰਖ਼ਦੀ ਹੈ। ਦੋਸਤ ਬਣਾਉਣ ਲਈ ਸਹਿਜੇ ਕਦਮ ਚੁੱਕੋ। ਦੋਸਤੀ ਤੋੜਨ ਲਈ ਹੋਰ ਵੀ ਸਹਿਜੇ ਚੱਲੋ। ਮੌਕਾ-ਮੇਲ਼ ਨਾਲ਼ ਦੋਸਤ ਬਣਦੇ ਹਨ। ਪਰ ਦੋਸਤਾਂ ਦੀ ਚੋਣ ਕੀਤੀ ਜਾ ਸਕਦੀ ਹੈ। ਦੋ ਦਿਲਾਂ ਦੀ ਇੱਕਸੁਰਤਾ ਹੀ ਦੋਸਤੀ ਦਾ ਸਰਵੋਤਮ ਪੜਾਅ ਹੈ। ਦੋਸਤੀ ਇੱਕ ਸਫ਼ਰ ਹੈ। ਇਸ ਵਿੱਚ ਬਦਲਾਅ ਆਉਂਦੇ ਰਹਿੰਦੇ ਹਨ। ਬਹੁਤੀ ਵਾਰ ਦੋਸਤੀ ਅਧੂਰੀ ਹੁੰਦੀ ਹੈ। ਮਿੱਤਰ ਦੀ ਭਾਲ਼ ਵਿੱਚ ਇੱਕ ਅੱਖ ਬੰਦ ਰੱਖੋ। ਮਿੱਤਰਤਾ ਕਾਇਮ ਰੱਖਣ ਲਈ ਦੋਵੇਂ ਅੱਖਾਂ ਬੰਦ ਕਰ ਲਵੋ। ਕਿਸੇ ਨੇ ਸਵਾਲ ਕੀਤਾ ਕਿ ਮਨੁੱਖ ਨੂੰ ਸਭ ਤੋਂ ਪਿਆਰੀ ਚੀਜ਼ ਕਿਹੜੀ ਲੱਗਦੀ ਹੈ? ਜਵਾਬ ਸੀ- ‘ਗਰਜ਼।’ “ਵਾਰਿਸ਼ ਸ਼ਾਹ ਇਹ ਗਰਜ਼ ਹੈ ਬਹੁਤ ਪਿਆਰੀ” ਦੀ ਟੂਕ ਵੀ ਇਸੇ ਗੱਲ ਦੀ ਪੁਸ਼ਟੀ ਕਰਦੀ ਹੈ। ਮਨੁੱਖ ਦਾ ਹਿੱਤ ਹੀ ਸਾਂਝ ਦਾ ਆਧਾਰ ਬਣਦਾ ਹੈ। ਦੋਹਾਂ ਦੇ ਹਿੱਤ ਸਾਂਝੇ ਹੋਣ ਨਾਲ਼ ਦੋਸਤੀ ਦੀ ਇਮਾਰਤ ਬਣਨੀ ਸ਼ੁਰੂ ਹੋ ਜਾਂਦੀ ਹੈ। ਸੁਣਦੇ ਹਾਂ-ਹੁਣ ਉਸਨੂੰ ਲੋੜ ਨਹੀਂ, ਉਸਨੇ ਅੱਖਾਂ ਬਦਲ ਲਈਆਂ ਹਨ। ਸਿਆਣੇ ਦੀ ਦੋਸਤੀ ਵੱਡੇ ਹੋ ਰਹੇ ਚੰਦਰਮਾ ਵਰਗੀ ਹੁੰਦੀ ਹੈ ਤੇ ਮੂਰਖ਼ ਦੀ ਦੋਸਤੀ ਹਨ੍ਹੇਰ ਪੱਖ ਵਾਲ਼ੀ। ਮਿੱਤਰਤਾ ਨਿਭਾਉਣਾ ‘ਖ਼ਾਲਾ ਜੀ ਦਾ ਵਾੜਾ ਨਹੀਂ।’ ਨਵੀਆਂ ਦੋਸਤੀਆਂ ਨਵੀਂ ਵਿਆਹੀ ਮੁਟਿਆਰ ਵਾਂਗ ਸਭ ਨੂੰ ਚੰਗੀਆਂ ਲੱਗਦੀਆਂ ਹਨ। ਪਰ ਚਾਂਦੀ ਦਾ ਭਾਅ ਤਾਂ ਵਾਹ ਪਿਆਂ ਹੀ ਪਤਾ ਲੱਗਦਾ ਹੈ। ਖ਼ੁਦਾ ਰੂਪ ਲੱਗਦੀ ਦੋਸਤੀ ਮਿੱਟੀ ਦੇ ਭਾਅ ਹੋ ਜਾਂਦੀ ਹੈ। ਭੁਲੇਖੇ ਵਿੱਚ ਵੀ ਦੋਸਤੀਆਂ ਟੁੱਟ ਜਾਂਦੀਆਂ ਹਨ। ਦਿਲ ਦਾ ਵੀ ਕੋਈ ਭਰੋਸਾ ਨਹੀਂ ਹੁੰਦਾ ਕਦ ਮਨ ਬਦਲ ਲਵੇ। ਗਿਰਗਿਟੀ ਸੁਭਾਅ ਦਾ ਮਾਲਕ ਹੈ।
1. ਪੈਰੇ ਅਨੁਸਾਰ ਦੋਸਤੀ ਨੂੰ ਪਰਖਣ ਦੀ ਕਸਵੱਟੀ ਕਿਹੜੀ ਹੈ? *
ੳ. ਖ਼ੁਸ਼ਹਾਲੀ
ਅ. ਗਰਜ਼
ੲ. ਪੁਸ਼ਟੀ
ਸ. ਮੰਦਹਾਲੀ
2. ਸਾਂਝ ਦਾ ਆਧਾਰ ਕੀ ਹੈ? *
ੳ. ਮਨੁੱਖ ਦਾ ਹਿੱਤ
ਅ. ਚੰਦਰਮਾ
ੲ. ਗਰਜ਼
ਸ.ਇੱਕਸੁਰਤਾ
3. ਮਨ ਕਿਹੋ-ਜਿਹੇ ਸੁਭਾਅ ਦਾ ਮਾਲਕ ਹੈ? *
ੳ. ਖ਼ੁਦਾ ਰੂਪ
ਅ.ਗਿਰਗਿਟੀ
ੲ. ਸਿਆਣੇ
ਸ. ਸਾਂਝੇ
4. ਦੋਸਤ ਰੂਪੀ ਸਫ਼ਰ ਵਿੱਚ ਬਦਲਾਅ ਆਉਂਦੇ ਰਹਿੰਦੇ ਹਨ। ਕੀ ਇਹ ਕਥਨ ਸਹੀ ਹੈ? *
ੳ. ਹਾਂ ਜੀ
ਅ. ਨਹੀਂ ਜੀ
ੲ. ਸ਼ਾਇਦ
ਸ. ਉਪਰੋਕਤ ਸਾਰੇ
5. ਨਵੀਂ ਦੋਸਤੀ ਦੀ ਤੁਲਨਾ ਕਿਸ ਨਾਲ਼ ਕੀਤੀ ਗਈ ਹੈ? *
ੳ. ਪੜਾਅ ਨਾਲ਼
ਅ. ਇਮਾਰਤ ਨਾਲ਼
ੲ. ਖ਼ਾਲਾ ਜੀ ਨਾਲ਼
ਸ. ਨਵੀਂ ਵਿਆਹੀ ਮੁਟਿਆਰ ਨਾਲ਼
5. ਅਣਡਿੱਠਾ ਪੈਰਾ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰਾਂ ਦੀ ਚੋਣ ਕਰੋ :
(30/8/21)
ਸਾਡਾ ਗਿਆਨ ਜੇ ਅਭਿਮਾਨ ਕਰਨ ’ਤੇ ਦੂਜਿਆਂ ਨੂੰ ਕੁਝ ਸਮਝਣ ਦਾ ਸਬੱਬ ਬਣਦਾ ਹੈ ਤਾਂ ਇਸ ਦੀ ਪ੍ਰਾਪਤੀ ਕੋਈ ਅਰਥ ਨਹੀਂ ਰੱਖਦੀ। ਆਈਨਸਟਾਈਨ ਦਾ ਇੱਕ ਬੜਾ ਪਿਆਰਾ ਕਥਨ ਉਲੇਖ ਕਰਨ ਦੇ ਯੋਗ ਹੈ। ਉਹ ਕਹਿੰਦਾ ਹੈ ਕਿ ਤੁਸੀਂ ਜ਼ਿੰਦਗੀ ਵਿੱਚ ਕਿਸੇ ਨੂੰ ਵੀ ਮਿਲ਼ੋ , ਉਸ ਕੋਲ਼ ਕੁਝ-ਨਾ-ਕੁਝ ਐਸਾ ਗਿਆਨ ਹੋਵੇਗਾ, ਜੋ ਤੁਹਾਡੇ ਕੋਲ਼ ਨਹੀਂ ਹੋਵੇਗਾ। ਸਹੀ ਗਿਆਨ ਹੁੰਦਾ ਹੈ ਤਾਂ ਬੰਦੇ ਵਿੱਚ ਅਹੰਕਾਰ ਨਹੀਂ, ਬਲਕਿ ਨਿਮਰਤਾ ਦਾ ਵਾਸਾ ਹੁੰਦਾ ਹੈ। ਗਿਆਨਵਾਨ ਵਿਅਕਤੀ ਚਾਹੇਗਾ ਕਿ ਸੱਚੇ ਗਿਆਨ ਦੇ ਅਭਿਲਾਸ਼ੀ ਹੋਰ ਵੀ ਹੋਣ ਤੇ ਉਹ ਆਪਣੇ ਬਲ ਨਾਲ਼, ਆਪਣੀ ਸਮਝ ਤੇ ਲਗਨ ਨਾਲ਼ ਅੱਗੇ ਵਧਣ। ਇਸੇ ਸੋਚ ਸਦਕਾ ਉਹ ਕਿਸੇ ਦੇ ਸਹੀ ਦਿਸ਼ਾ ਵੱਲ ਇੱਕ ਕਦਮ ਪੁੱਟਣ 'ਤੇ ‘ਵਾਹ , ਵਾਹ’ ਕਰੇਗਾ। ਮਾਂ ਵੀ ਤਾਂ ਜਦੋਂ ਬੱਚਾ ਪਹਿਲੀ ਵਾਰੀ ਆਪਣੇ ਪੈਰੀਂ ਖੜੇ ਹੋਣ ਦਾ ਜਤਨ ਕਰਦਾ ਹੈ, ਜੀਅ ਭਰ ਕੇ ਸ਼ਾਬਾਸ਼ੀ ਦਿੰਦੀ ਹੈ । ਜਦੋਂ ਉਹ ਤੁਰਨਾ ਸਿੱਖਦਾ ਹੈ ਤਾਂ ਉਸ ਨੂੰ ਹੱਥ ਉੱਚਾ ਕਰਕੇ ‘ਐਡੀ ਵੱਡੀ’ ਜਾਂ ‘ਐਡਾ ਵੱਡਾ’ ਆਖਦੀ ਹੈ। ਬਾਲ ਤੁਰਨ ਦਾ ਜਤਨ ਕਰਦਿਆਂ ਕਈ ਵਾਰੀ ਡਿੱਗਦਾ ਹੈ , ਪਰ ਮਾਂ ਉਸ ਦੇ ਮੁੜ ਉੱਠਣ ’ਤੇ ਤਾੜੀਆਂ ਮਾਰਦੀ ਹੈ। ਚੰਗੇ ਮਨੁੱਖ ਦੀ ਇਹ ਫ਼ਿਤਰਤ ਬਣ ਗਈ ਹੁੰਦੀ ਹੈ ਕਿ ਉਹ ਦੂਜਿਆਂ ਦੇ ਵਧਣ-ਫੁਲਣ ਦੀ ਕਾਮਨਾ ਕਰਦੇ ਹਨ। ਇਸੇ ਲਈ, ਉਹ ਅਗਲੇ ਦੇ ਠੀਕ ਦਿਸ਼ਾ ਵੱਲ ਤੁਰਨ ’ਤੇ ਦਿਲ ਖੋਲ੍ਹ ਕੇ ਤਾਰੀਫ਼ ਕਰਦੇ ਹਨ | ਲੁਕਾਈ ਨੂੰ ਭਰਮ-ਭੁਲੇਖਿਆਂ ਵਿੱਚ ਪਾ ਕੇ ’ਤੇ ਪੁੱਠੀਆਂ ਮੱਤਾਂ ਦੇ ਕੇ ਕੁਰਾਹੇ ਪਾਉਣ ਵਾਲ਼ੇ ਵੀ ਬਥੇਰੇ ਹੁੰਦੇ ਹਨ। ਅੰਤ ਨੂੰ ਉਨ੍ਹਾਂ ਦਾ ਹਸ਼ਰ ਮਾੜਾ ਹੁੰਦਾ ਹੈ।
1. ਗਿਆਨਵਾਨ ਮਨੁੱਖ ਕਿੰਨ੍ਹਾਂ ਗੁਣਾਂ ਦਾ ਧਾਰਨੀ ਹੁੰਦਾ ਹੈ? *
ੳ. ਅਭਿਮਾਨ
ਅ. ਅਹੰਕਾਰ
ੲ. ਨਿਮਰਤਾ
ਸ. ਭਰਮ-ਭੁਲੇਖਿਆਂ
2. ਦੂਜਿਆਂ ਨੂੰ ਕੁਝ ਸਮਝਣ ਦਾ ਸਬੱਬ ਕਿਸ ਕਾਰਨ ਬਣਦਾ ਹੈ? *
ੳ. ਗਿਆਨ
ਅ. ਸਬੱਬ
ੲ. ਪ੍ਰਾਪਤੀ
ਸ. ਤਾਰੀਫ਼
3. ਸੱਚੇ ਗਿਆਨੀ ਵਿੱਚ ਅੱਗੇ ਵਧਣ ਦੇ ਗੁਣ ਕਿਹੜੇ-ਕਿਹੜੇ ਹਨ? *
ੳ. ਬਲ
ਅ. ਸਮਝ
ੲ. ਲਗਨ
ਸ. ਉਪਰੋਕਤ ਸਾਰੇ
4. ਸਰਵ ਹਿੱਤਕਾਰੀ ਭਾਵਨਾ ਨਾਲ਼ ਕੌਣ ਓਤ-ਪੋਤ ਹੁੰਦਾ ਹੈ? *
ੳ. ਚੰਗਾ ਮਨੁੱਖ
ਅ. ਅਭਿਲਾਸ਼ੀ ਮਨੁੱਖ
ੲ. ਅਭਿਮਾਨੀ ਮਨੁੱਖ
ਸ. ਉਪਰੋਕਤ ਵਿੱਚੋਂ ਕੋਈ ਵੀ ਨਹੀਂ
5. ਮਾੜੇ ਹਸ਼ਰ ਦੇ ਭਾਗੀਦਾਰ ਕੌਣ ਬਣਦੇ ਹਨ? *
ੳ. ਲੋਕਾਂ ਨੂੰ ਭਰਮ-ਭੁਲੇਖਿਆਂ ਵਿੱਚ ਪਾਉਣ ਵਾਲ਼ੇ
ਅ .ਪੁੱਠੀਆਂ ਮੱਤਾਂ ਦੇਣ ਵਾਲ਼ੇ
ੲ. ਕੁਰਾਹੇ ਪਾਉਣ ਵਾਲ਼ੇ
ਸ. ਉਪਰੋਕਤ ਸਾਰੇ
6.. ਹੇਠਾਂ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰਾਂ ਦੀ ਚੋਣ ਕਰੋ :(31/8/21)
ਟੋਕੀਓ ਉਲੰਪਿਕ ਵਿੱਚ ਤਮਗ਼ੇ ਜਿੱਤ ਕੇ ਦੇਸ ਪਰਤੇ ਉਲੰਪੀਅਨਾਂ ਦਾ ਨਵੀਂ ਦਿੱਲੀ ਹਵਾਈ ਅੱਡੇ ਉੱਪਰ ਗਰਮਜੋਸ਼ੀ ਨਾਲ਼ ਹਾਰ ਪਹਿਨਾ ਕੇ ਸ਼ਾਹੀ ਸਵਾਗਤ ਕੀਤਾ ਗਿਆ ਅਤੇ ਗੁਲਦਸਤੇ ਭੇਟ ਕੀਤੇ ਗਏ। ਹਵਾਈ ਅੱਡੇ ਦੇ ਕਰਮਚਾਰੀਆਂ ਸਮੇਤ ਉੱਥੇ ਹਾਜ਼ਰ ਪ੍ਰਸ਼ੰਸਕਾਂ ਨੇ ਤਾੜੀਆਂ ਵਜਾ ਕੇ ਉਨ੍ਹਾਂ ਦਾ ਸਨਮਾਨ ਕੀਤਾ। ਸਭ ਦੀ ਖਿੱਚ ਦਾ ਕੇਂਦਰ ਰਹੇ ਨੀਰਜ ਚੋਪੜਾ, ਜੋ ਕਿ ਸੋਨ ਤਮਗ਼ਾ ਜਿੱਤਣ ਵਾਲ਼ੇ ਭਾਰਤ ਦੇ ਪਹਿਲੇ ਅਥਲੀਟ ਬਣੇ। ਭਾਰ ਤੋਲਕ ਮੀਰਾਬਾਈ ਚਾਨੂ ਅਤੇ ਪਹਿਲਵਾਨ ਰਵੀ ਕੁਮਾਰ ਦਾਹੀਆ ਨੇ ਚਾਂਦੀ ਦੇ ਤਮਗ਼ੇ ਜਿੱਤੇ। ਮੁੱਕੇਬਾਜ਼ ਲਵਲੀਨਾ ਬੋਰਗੋਹੇਨ, ਬੈਡਮਿੰਟਨ ਸਟਾਰ ਪੀ.ਵੀ.ਸਿੰਧੂ, ਭਾਰਤੀ ਪੁਰਸ਼ ਹਾਕੀ ਟੀਮ ਅਤੇ ਪਹਿਲਵਾਨ ਬਜਰੰਗ ਪੂਨੀਆ ਨੇ ਕਾਂਸੀ ਦੇ ਤਗਮੇ ਜਿੱਤ ਕੇ ਪੂਰੀ ਦੁਨੀਆ ਵਿੱਚ ਭਾਰਤ ਦੇਸ ਦਾ ਨਾਂ ਉੱਚਾ ਕੀਤਾ ਹੈ। ਭਾਰਤ ਨੇ ਟੋਕੀਓ ਉਲੰਪਿਕ ਵਿੱਚ ਸੱਤ ਤਮਗ਼ੇ ਜਿੱਤ ਕੇ ਹੁਣ ਤੱਕ ਦਾ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ ਹੈ। ਨਵੀਂ ਦਿੱਲੀ ਵਿਖੇ ਭਾਰਤੀ ਪੁਰਸ਼ ਹਾਕੀ ਟੀਮ ਦੇ ਖਿਡਾਰੀਆਂ ਅਤੇ ਕੋਚ ਨੇ ਕੇਕ ਕੱਟ ਕੇ ਜਿੱਤ ਦਾ ਜਸ਼ਨ ਮਨਾਇਆ। ਭਾਰਤੀ ਪਹਿਲਵਾਨ ਬਜਰੰਗ ਪੂਨੀਆ ਨੂੰ ਪ੍ਰਸ਼ੰਸਕਾਂ ਨੇ ਆਪਣੇ ਮੋਢਿਆਂ ਉੱਪਰ ਚੁੱਕ ਕੇ ਸਨਮਾਨ ਪ੍ਰਗਟਾਇਆ।
1. ਭਾਰਤ ਨੇ ਕਿਸ ਉਲੰਪਿਕ ਵਿੱਚ ਭਾਗ ਲਿਆ? *
ੳ. ਭਾਰਤ ਉਲੰਪਿਕ
ਅ. ਟੋਕੀਓ ਉਲੰਪਿਕ
ੲ. ੳ ਅਤੇ ਅ ਦੋਵੇਂ
ਸ. ਉਪਰੋਕਤ ਵਿੱਚੋਂ ਕੋਈ ਨਹੀਂ
2. ਨੀਰਜ ਚੋਪੜਾ ਨੇ ਕਿਹੜਾ ਤਮਗ਼ਾ ਜਿੱਤਿਆ? *
ੳ. ਸੋਨ ਤਮਗ਼ਾ
ਅ. ਚਾਂਦੀ ਤਮਗ਼ਾ
ੲ. ਕਾਂਸੀ ਤਮਗ਼ਾ
ਸ. ਉਪਰੋਕਤ ਵਿੱਚੋਂ ਕੋਈ ਨਹੀਂ
3. ਉਲੰਪਿਕ ਜੇਤੂ ਖਿਡਾਰੀਆਂ ਦਾ ਭਾਰਤ ਪਰਤਣ ਉਪਰੰਤ ਕਿਵੇਂ ਸਵਾਗਤ ਕੀਤਾ ਗਿਆ? *
ੳ. ਗਰਮਜੋਸ਼ੀ ਨਾਲ਼
ਅ. ਹਾਰ ਪਹਿਨਾ ਕੇ
ੲ. ਸ਼ਾਹੀ ਸਵਾਗਤ
ਸ. ਉਪਰੋਕਤ ਸਾਰੇ
4. ਉਲੰਪਿਕ ਖੇਡਾਂ ਵਿੱਚ ਹੁਣ ਤੱਕ ਦਾ ਸਰਬੋਤਮ ਪ੍ਰਦਰਸ਼ਨ ਕਿਸ ਨੇ ਕੀਤਾ? *
ੳ. ਭਾਰਤ ਨੇ
ਅ. ਟੋਕੀਓ ਨੇ
ੲ. ੳ ਅਤੇ ਅ ਦੋਵੇਂ
ਸ. ਉਪਰੋਕਤ ਵਿੱਚੋਂ ਕੋਈ ਨਹੀਂ
5. ਕਿਸ ਖਿਡਾਰੀ ਨੂੰ ਪ੍ਰਸ਼ੰਸਕਾਂ ਨੇ ਆਪਣੇ ਮੋਢਿਆਂ ਉੱਪਰ ਚੁੱਕਿਆ? *
ੳ. ਰਵੀ ਕੁਮਾਰ ਦਾਹੀਆ
ਅ. ਨੀਰਜ ਚੋਪੜਾ
ੲ. ਬਜਰੰਗ ਪੂਨੀਆ
ਸ. ਉਪਰੋਕਤ ਸਾਰੇ
Comments
Post a Comment